1 Chronicles 18

1ਇਸ ਤੋਂ ਬਾਅਦ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਫ਼ਲਿਸਤੀਆਂ ਦੇ ਹੱਥੋਂ ਗਥ ਅਤੇ ਉਸ ਦੇ ਪਿੰਡਾਂ ਨੂੰ ਖੋਹ ਲਿਆ । 2ਫਿਰ ਉਸ ਨੇ ਮੋਆਬ ਦੇਸ ਨੂੰ ਮਾਰਿਆ ਅਤੇ ਮੋਆਬ ਦੇਸ ਵਾਲੇ ਦਾਊਦ ਦੇ ਦਾਸ ਹੋਏ, ਅਤੇ ਨਜ਼ਰਾਨੇ ਲਿਆਏ ।

3ਦਾਊਦ ਨੇ ਸ਼ੋਬਾਹ ਦੇ ਰਾਜਾ ਹਦਰਅਜ਼ਰ ਨੂੰ ਵੀ ਹਮਾਥ ਤੱਕ ਮਾਰਿਆ, ਜਦੋਂ ਉਹ ਫਰਾਤ ਦਰਿਆ ਦੀ ਵੱਲ ਆਪਣਾ ਰਾਜ ਇਸਥਿਰ ਕਰਨ ਗਿਆ ਸੀ । 4ਅਤੇ ਦਾਊਦ ਨੇ ਉਸ ਤੋਂ ਇੱਕ ਹਜ਼ਾਰ ਰਥ, ਸੱਤ ਹਜ਼ਾਰ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਲੈ ਲਏ ਅਤੇ ਦਾਊਦ ਨੇ ਰੱਥਾਂ ਦੇ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜੀਆਂ ਨੂੰ ਕੱਟ ਕੇ, ਉਹਨਾਂ ਨੂੰ ਲੰਗੜੇ ਕਰ ਦਿੱਤਾ ਪਰ ਉਨ੍ਹਾਂ ਵਿੱਚੋਂ ਇੱਕ ਸੌ ਰੱਥਾਂ ਦੇ ਲਈ ਘੋੜੇ ਬਚਾ ਰੱਖੇ ।

5ਅਤੇ ਜਦੋਂ ਦੰਮਿਸਕ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਸਹਾਇਤਾ ਲਈ ਆਏ, ਤਾਂ ਦਾਊਦ ਨੇ ਅਰਾਮੀਆਂ ਵਿਚੋਂ ਬਾਈ ਹਜ਼ਾਰ ਮਨੁੱਖ ਮਾਰ ਦਿੱਤੇ । 6ਤਦ ਦਾਊਦ ਨੇ ਦੰਮਿਸਕ ਦੇ ਅਰਾਮ ਵਿੱਚ ਚੌਂਕੀਆਂ ਬਣਾਈਆਂ ਅਤੇ ਅਰਾਮ ਵਾਲੇ ਦਾਊਦ ਦੇ ਅਧੀਨ ਹੋ ਗਏ, ਅਤੇ ਨਜ਼ਰਾਨੇ ਲਿਆਏ ਅਤੇ ਜਿੱਥੇ ਜਿੱਥੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਫ਼ਤਹ ਦਿੱਤੀ

7ਅਤੇ ਦਾਊਦ ਹਦਰਅਜ਼ਰ ਦੇ ਸੇਵਕਾਂ ਤੋਂ ਸੁਨਹਿਰੀ ਢਾਲਾਂ ਖੋਹ ਕੇ ਯਰੂਸ਼ਲਮ ਨੂੰ ਲੈ ਆਇਆ । 8ਅਤੇ ਹਦਰਅਜ਼ਰ ਦੇ ਨਗਰ ਟਿਬਹਥ ਅਤੇ ਕੂਨ ਵਿਚੋਂ ਦਾਊਦ ਬਹੁਤ ਸਾਰਾ ਪਿੱਤਲ ਲਿਆਇਆ, ਜਿਹ ਦੇ ਨਾਲ ਸੁਲੇਮਾਨ ਨੇ ਪਿੱਤਲ ਦਾ ਹੌਜ਼, ਥੰਮ੍ਹ ਅਤੇ ਪਿੱਤਲ ਦੇ ਭਾਂਡੇ ਬਣਾਏ ।

9ਜਦੋਂ ਹਮਾਥ ਦੇ ਰਾਜਾ ਤੋਊ ਨੇ ਸੁਣਿਆ ਜੋ ਦਾਊਦ ਨੇ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੇ ਸਾਰੇ ਦਲ ਨੂੰ ਨਸ਼ਟ ਕਰ ਦਿੱਤਾ, 10ਤਾਂ ਉਸ ਨੇ ਆਪਣੇ ਪੁੱਤਰ ਹਦੋਰਾਮ ਨੂੰ ਦਾਊਦ ਪਾਤਸ਼ਾਹ ਕੋਲ ਭੇਜਿਆ, ਤਾਂ ਕਿ ਉਸ ਦੀ ਸੁੱਖ ਸਾਂਦ ਦੀ ਖ਼ਬਰ ਲਿਆਵੇ ਅਤੇ ਉਸ ਨੂੰ ਵਧਾਈ ਦੇਵੇ, ਇਸ ਲਈ ਜੋ ਉਸ ਨੇ ਹਦਰਅਜ਼ਰ ਨਾਲ ਯੁਧ ਕਰ ਕੇ ਜਿੱਤ ਪਾਈ, ਕਿਉਂ ਜੋ ਹਦਰਅਜ਼ਰ ਤੋਊ ਨਾਲ ਸਦਾ ਲੜਦਾ ਰਹਿੰਦਾ ਸੀ, ਅਤੇ ਉਸ ਨੇ ਸੋਨੇ, ਚਾਂਦੀ, ਅਤੇ ਪਿੱਤਲ ਦੇ ਭਾਂਡੇ ਵੀ ਨਾਲ ਭੇਜੇ । 11ਅਤੇ ਦਾਊਦ ਪਾਤਸ਼ਾਹ ਨੇ ਉਨ੍ਹਾਂ ਨੂੰ ਵੀ ਉਸ ਚਾਂਦੀ ਅਤੇ ਸੋਨੇ ਦੇ ਨਾਲ, ਜਿਹੜੇ ਉਸ ਨੇ ਸਰਬੱਤ ਕੌਮਾਂ ਤੋਂ ਅਰਥਾਤ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਲੇਕ ਤੋਂ ਲਏ ਸਨ, ਯਹੋਵਾਹ ਦੇ ਅੱਗੇ ਅਰਪਣ ਕਰ ਦਿੱਤੇ

12ਅਤੇ ਅਬਿਸ਼ਈ ਸਰੂਯਾਹ ਦੇ ਪੁੱਤਰ ਨੇ ਲੂਣ ਦੀ ਘਾਟੀ ਵਿੱਚ ਅਦੋਮੀਆਂ ਵਿਚੋਂ ਅਠਾਰਾਂ ਹਜ਼ਾਰ ਜਣੇ ਮਾਰ ਸੁੱਟੇ । 13ਉਸ ਨੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ ਅਤੇ ਸਾਰੇ ਅਦੋਮ ਵਾਲੇ ਦਾਊਦ ਦੇ ਦਾਸ ਹੋ ਗਏ ਅਤੇ ਜਿੱਥੇ ਜਿੱਥੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਫ਼ਤਹ ਦੇ ਦਿੱਤੀ ।

14ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ ਅਤੇ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਕਰਦਾ ਸੀ । 15ਯੋਆਬ ਸਰੂਯਾਹ ਦਾ ਪੁੱਤਰ ਸੈਨਾ ਦਾ ਸਰਦਾਰ ਸੀ, ਅਤੇ ਯਹੋਸ਼ਫਟ ਅਹੀਲੂਦ ਦਾ ਪੁੱਤਰ ਇਤਿਹਾਸ ਲਿਖਣ ਵਾਲਾ ਸੀ 16ਅਤੇ ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਮਲਕ, ਅਬਿਯਾਥਾਰ ਦਾ ਪੁੱਤਰ ਜਾਜਕ ਸਨ ਅਤੇ ਸ਼ੌਵਸ਼ਾ ਮੁਨਸ਼ੀ ਸੀ ਅਤੇ ਬਿਨਾਯਾਹ, ਯਹੋਯਾਦਾ ਦਾ ਪੁੱਤਰ ਕਰੇਤੀਆਂ ਅਤੇ ਫਲੇਤੀਆਂ ਦਾ ਸਰਦਾਰ ਸੀ ਅਤੇ ਦਾਊਦ ਦੇ ਪੁੱਤਰ ਪਾਤਸ਼ਾਹ ਦੇ ਕੋਲ ਵਜ਼ੀਰ ਸਨ ।

17

Copyright information for PanULB